ਲੋਕ ਸਭਾ ਚੋਣਾਂ ਮੌਕੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਚੇਤਨਾ ਮੀਟਿੰਗਾਂ ਅਤੇ ਲੀਫਲੈੱਟ ਵੰਡਣ ਦੀ ਮੁਹਿੰਮ

 ਬਰਨਾਲਾ, 26 ਮਈ, : ਇਨਕਲਾਬੀ ਕੇਂਦਰ, ਪੰਜਾਬ ਵੱਲੋਂ 18ਵੀਆਂ ਲੋਕ ਸਭਾ ਚੋਣਾਂ ਦੇ ਮਘੇ ਭਖੇ ਅਖਾੜੇ ਸਮੇਂ ਮੁਹਿੰਮ ਨੇ ਰਫ਼ਤਾਰ ਫੜ੍ਹ ਲਈ ਹੈ। ਸੁਖਪੁਰਾ, ਮਾਂਗੇਵਾਲ ਤੋਂ ਬਾਅਦ ਖੁੱਡੀਕਲਾਂ ਵਿਖੇ ਭਰਵੀਂ ਮਰਦ-ਔਰਤਾਂ ਦੀ ਸ਼ਮੂਲੀਅਤ ਵਾਲੀਆਂ ਮੀਟਿੰਗਾਂ ਕਰਵਾਈਆਂ ਗਈਆਂ। ਕਸਬਾ ਹੰਢਿਆਇਆ ਵਿਖੇ ਮੀਟਿੰਗ ਉਪਰੰਤ ਘਰ-ਘਰ ਲੀਫਲੈੱਟ ਵੰਡਿਆ ਗਿਆ। 'ਭਾਰਤੀ ਜਨਤਾ ਪਾਰਟੀ ਦੇ ਫ਼ਿਰਕੂ ਫਾਸ਼ੀਵਾਦ ਨੂੰ ਭਾਂਜ ਦਿਓ- ਆਪਣੀਆਂ ਸਮੱਸਿਆਵਾਂ ਦੇ ਬੁਨਿਆਦੀ ਅਤੇ ਪੱਕੇ ਹੱਲ ਲਈ ਇਨਕਲਾਬ ਦਾ ਝੰਡਾ ਚੁੱਕੋ' ਅਧਾਰਤ ਮੁਹਿੰਮ ਵੋਟ ਪ੍ਰਬੰਧ ਦੀ ਖਸਲਤ ਦੀ ਵਿਆਖਿਆ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਪਾਲ, ਬਾਬੂ ਸਿੰਘ ਖੁੱਡੀਕਲਾਂ ਅਤੇ ਗੁਰਮੀਤ ਸੁਖਪੁਰਾ ਨੇ ਪਾਰਲੀਮੈਂਟ ਢਾਂਚੇ ਦੇ ਚੀਰਫਾੜ ਕਰਦਿਆਂ ਕਿਹਾ ਕਿ 77 ਸਾਲ ਦੇ ਭਾਰਤ ਅੰਦਰਲੇ ਚੋਣਾਂ ਦੀ ਅਸਲੀਅਤ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਗ ਲੈਣ ਅਤੇ ਜਿੱਤਕੇ ਹਕੂਮਤੀ ਸਤਾ ਹਾਸਲ ਕਰਨ ਵਾਲੇ ਨੁਮਾਇੰਦੇ ਵਿਅਕਤੀਗਤ ਰੂਪ ਵਿੱਚ ਪੂਰਨ ਸੁਹਿਰਦ ਹੁੰਦਿਆਂ ਹੋਇਆਂ ਵੀ, ਇਹ ਆਉਣ ਵਾਲੇ ਸਮੇਂ ਵਿੱਚ ਜਾਂ ਤਾਂ ਸਾਮਰਾਜੀ ਸੰਸਥਾਵਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਬੇਲੋੜਾ ਸ਼ਿੰਗਾਰ ਜਾਂ ਉਸ ਲਈ ਇੱਕ ਪ੍ਰਕਾਰ ਦਾ ਪਰਦਾ ਹੁੰਦੇ ਹਨ। 


ਉਹ ਇੱਕ ਪ੍ਰਕਾਰ ਅਸਮਾਨੀ ਬਿਜਲੀ ਤੋਂ ਬਚਾਉਣ ਵਾਲੇ ਕੰਡਕਟਰ ਹੁੰਦੇ ਹਨ ਜੋ ਸਰਕਾਰ ਵਿਰੁੱਧ ਲੋਕਾਂ ਦੇ ਰੋਹ ਨੂੰ ਲਾਂਭੇ ਲਿਜਾਂਦੇ ਹਨ, ਤੇ ਜੋ ਲੋਕਾਂ ਨੂੰ ਧੋਖਾ ਦੇਣ ਲਈ ਸਰਕਾਰ ਦਾ ਇੱਕ ਹਥਿਆਰ ਹੋ ਨਿੱਬੜਦੇ ਹਨ। ਜਿੰਨਾ ਚਿਰ ਲੁੱਟ ,ਜਬਰ ਵਾਲਾ ਲੋਕ ਦੋਖੀ ਪ੍ਰਬੰਧ ਕਾਇਮ ਹੈ ਅਤੇ ਜਦੋਂ ਤੱਕ ਪੁਰਾਣਾ, ਬੁਰਜੁਆ, ਨੌਕਰਸ਼ਾਹ ਰਾਜ ਢਾਂਚਾ ਮੌਜੂਦ ਹੈ, ਇਵੇਂ ਹੀ ਹੁੰਦਾ ਰਹੇਗਾ। ਉਨ੍ਹਾਂ ਇਸ ਢਾਂਚੇ ਨੂੰ ਉਖਾੜ ਕੇ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਜਮਾਤੀ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। 

 

ਇਸ ਸਮੇਂ ਸੰਬੋਧਨ ਕਰਦਿਆਂ ਨੌਜਵਾਨ ਆਗੂ ਹਰਪ੍ਰੀਤ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਮੌਕੇ ਪਾਰਲੀਮਾਨੀ ਪ੍ਰਬੰਧ ਦੇ ਇਤਿਹਾਸ ਨੂੰ ਜਾਨਣ ਦੀ ਲੋੜ ਹੈ ਕਿ ਇਹ ਕਦੋਂ, ਕਿਉਂ ਅਤੇ ਕਿਸ ਦੇ ਹਿੱਤਾਂ ਲਈ ਹੋਂਦ 'ਚ ਆਇਆ, ਸਮਝਣ ਦੀ ਲੋੜ ਹੈ। ਮੌਜ਼ੂਦਾ ਸਮੇਂ ਦੇ ਸੰਕਟ ਤੇ ਪੈਦਾ ਹੋ ਰਹੀ ਭੰਬਲਭੂਸੇ ਵਾਲੀ ਹਾਲਤ ਦੀ ਹਕੀਕਤ ਨੂੰ ਜਾਣਨ ਲਈ ਇਸ ਗੰਭੀਰ ਮੁੱਦੇ 'ਤੇ ਵਿਚਾਰ ਚਰਚਾਵਾਂ ਕਰਨੀਆਂ ਅੱਜ ਦੀ ਬੇਹੱਦ ਲਾਜ਼ਮੀ ਲੋੜ ਹੈ, ਕਿਉੰਕਿ ਭਾਰਤ ਵਿੱਚ ਜੋ ਇਹ 18ਵੀਆਂ ਲੋਕ ਸਭਾ ਚੋਣਾਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਭਾਰਤ ਸਮੇਤ ਦੁਨੀਆਂ ਭਰ ਦੇ ਲੁਟੇਰੇ ਹਾਕਮ ਇੱਕ ਬਹੁਤ ਵੱਡੇ ਸੰਕਟ ਵਿੱਚ ਘਿਰਦੇ ਜਾ ਰਹੇ ਹਨ। ਸੰਸਾਰ ਪੱਧਰ ਤੇ ਸਿਖਰਾਂ ਛੋਹ ਰਹੀ ਗੈਰ ਬਰਾਬਰੀ, ਪਰਮਾਣੂ ਹਥਿਆਰਾਂ ਦੀ ਹੋਂਦ ਤੇ ਵਾਤਾਵਰਨ ਸੰਕਟ ਮੌਜ਼ੂਦਾ ਸੰਕਟ ਨੂੰ ਹੋਰ ਵੀ ਵੱਧ ਤਿੱਖਾ ਕਰ ਰਿਹਾ ਹੈ। ਇਸੇ ਕਾਰਨ ਇਸ ਸਾਲ 2024 ਵਿੱਚ ਦੁਨੀਆਂ ਦੀ ਲਗਭਗ ਅੱਧੀ ਆਬਾਦੀ ਦੇ ਮੁਲਕਾਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਮੋਦੀ ਦੀ ਅਗਵਾਈ ਵਾਲੀ ਆਰ ਐਸ ਐਸ ਦੇ ਹਿੰਦੂਤਵੀ ਫਿਰਕੂਫਾਸ਼ੀ ਏਜੰਡੇ ਵਾਲੀ ਬੀਜੇਪੀ ਪਾਰਟੀ ਵਰਗੀਆਂ ਫਿਰਕਾਪ੍ਰਸਤ ਜਾਂ ਨਸਲੀ ਵਿਤਕਰੇ ਵਾਲੀਆਂ ਪਾਰਟੀਆਂ ਰਾਜ ਸੱਤਾ ਤੇ ਕਾਬਜ਼ ਹੋ ਰਹੀਆਂ ਹਨ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਕਿਰਤੀ ਲੋਕਾਂ ਨੂੰ ਹੋਰ ਵੱਧ ਦਬਾਇਆ ਕੁਚਲਿਆ ਜਾ ਸਕੇ। 

 

ਇਸ ਸਮੇਂ ਭਾਜਪਾ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸੋਢੀ ਨੂੰ ਸਵਾਲ ਪੁੱਛਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਸਵਾਲ ਕਰਨ ਗਏ ਆਗੂਆਂ ਨੂੰ ਖੱਜਲ ਖੁਆਰ ਕਰਨ ਅਤੇ 8 ਸਾਲ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਡੱਕਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਸਮੇਂ ਕਿਸਾਨ-ਮਜ਼ਦੂਰ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਨ, ਛਾਪੇਮਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। 

 

ਇਸ ਸਮੇਂ ਇਨਕਲਾਬੀ ਕੇਂਦਰ ਦੇ ਆਗੂਆਂ ਸੁਖਵਿੰਦਰ ਠੀਕਰੀਵਾਲਾ, ਜਗਮੀਤ ਬੱਲਮਗੜ੍ਹ, ਗੁਰਦੇਵ ਮਾਂਗੇਵਾਲ, ਬਲਵੀਰ ਮਨਾਲੀ ਆਦਿ ਆਗੂਆਂ ਨੇ ਚੇਤਨਾ ਮੀਟਿੰਗ ਵਿੱਚ ਵਿਚਾਰ ਪੇਸ਼ ਕੀਤੇ। ਇਸ ਮੁਹਿੰਮ ਦੌਰਾਨ ਹਕੀਕੀ ਲੋਕ ਮਸਲਿਆਂ ਨੂੰ ਉਭਾਰਦਾ 'ਦੇਸ਼ ਅੰਦਰ ਨੰਗਾ ਚਿੱਟਾ ਧੱਕੜ ਰਾਜ ਮੜ੍ਹਨ 'ਤੇ ਉਤਾਰੂ, ਭਾਜਪਾ ਦੇ ਫ਼ਿਰਕੂ ਫਾਸ਼ੀਵਾਦ ਨੂੰ ਪਛਾੜੋ-ਅਸਲੀ ਲੋਕ ਰਾਜ ਸਥਾਪਤ ਕਰਨ ਲਈ ਇਨਕਲਾਬ ਦੇ ਰਾਹ ਪਓ' ਲੀਫਲੈੱਟ ਘਰ-ਘਰ ਵੰਡਿਆ ਜਾਵੇਗਾ। ਮੋਦੀ ਸਰਕਾਰ ਦੇ ਜਾਬਰ ਫਾਸ਼ੀ ਹੱਲੇ ਖਿਲਾਫ਼, ਲੋਕਾਂ ਦੇ ਬੁਨਿਆਦੀ ਸਵਾਲ ਪੁੱਛਣ ਵਾਲੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣ, ਘਰਾਂ ਵਿੱਚ ਨਜ਼ਰਬੰਦ ਕਰਨ, ਛਾਪੇਮਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਜੇਲ੍ਹ ਡੱਕਣ ਨੂੰ ਆੜੇ ਹੱਥੀਂ ਲੈਂਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।

 

ਇਨ੍ਹਾਂ ਚੇਤਨਾ ਮੀਟਿੰਗਾਂ ਅਤੇ ਲੀਫਲੈੱਟ ਵੰਡਣ ਦੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਅਜਮੇਰ ਸਿੰਘ, ਬਲਵੀਰ ਸਿੰਘ, ਗੁਰਸੇਵਕ ਸਿੰਘ, ਮਨਜੀਤ ਕੌਰ, ਜਰਨੈਲ ਸਿੰਘ, ਬਲਵੀਰ ਸਿੰਘ, ਆਦਿ ਆਗੂਆਂ ਨੇ ਸਰਗਰਮ ਸਹਿਯੋਗ ਕੀਤਾ।

Post a Comment

0 Comments