ਮੋਰਿੰਡਾ 26 ਮਈ, : ਮੋਰਿੰਡਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਇਸ ਅਤਿ ਦੀ ਗਰਮੀ ਦੇ ਮੌਸਮ ਵਿੱਚ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੜਾਕੇ ਦੀ ਗਰਮੀ ਵਿੱਚ ਪੰਛੀ ਸਹਿਕ ਰਹੇ ਹਨ ਉਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਪ੍ਰਾਣੀ ਵੀ ਸਹਿਕ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਹ ਨਗਰ ਕੌਂਸਲ ਅਤੇ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਅਧਿਕਾਰੀਆਂ ਕੋਲ ਵੀ ਗੁਹਾਰ ਲਗਾ ਚੁੱਕੇ ਹਨ ਪਰੰਤੂ ਕੋਈ ਕਾਰਵਾਈ ਨਹੀਂ ਹੋਈ ਅਤੇ ਲੋਕਾਂ ਨੂੰ ਦੂਰ ਦੁਰਾਡੇ ਦੇ ਮਹੱਲਿਆਂ ਵਿੱਚੋਂ ਜਾਂ ਸਮਰਸੀਬਲ ਮੋਟਰ ਵਾਲਿਆਂ ਦੇ ਘਰਾਂ ਵਿੱਚੋ ਪੀਣ ਤੇ ਘਰੇਲੂ ਵਰਤੋ ਲਈ ਪਾਣੀ ਲਿਆਉਣਾ ਪੈ ਰਿਹਾ ਹੈ ਇਸ ਸਬੰਧੀ ਵਾਰਡ ਨੰਬਰ 12, ਗੁਰਦੁਆਰਾ ਗੁਪਤਸਰ ਵਾਲਾ ਮੁਹੱਲਾ , ਅਤੇ ਜੋਗੀਆਂ ਵਾਲਾ ਮੁਹੱਲਾ ਆਦਿ ਇਲਾਕਿਆਂ ਦੇ ਵਸਨੀਕਾਂ ਮਹਿੰਦਰ ਸਿੰਘ, ਸਿਮਰਨ, ਸੀਮਾ ਰਾਣੀ, ਚਰਨਜੀਤ ਕੌਰ, ਸੁਨੀਤਾ, ਪਰਮਜੀਤ ਕੌਰ, ਸਤਿੰਦਰ ਕੌਰ, ਬਬਲੀ, ਪਿੰਕੀ, ਗੁਰਪਾਲ ਸਿੰਘ, ਸੁਰਿੰਦਰ ਸਿੰਘ, ਸਵਰਨ ਸਿੰਘ ਆਦਿ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਉਨਾਂ ਦੇ ਮਹੱਲਿਆਂ ਵਿੱਚ ਪਿਛਲੇ ਕੁਝ ਦਿਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਆ ਰਹੀ । ਜਿਸ ਕਾਰਨ ਲੋਕ ਕੜਾਕੇ ਦੀ ਇਸ ਤਪਸ ਵਿੱਚ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਗਏ ਹਨ।
ਉਹਨਾਂ ਕਿਹਾ ਕਿ ਪਾਣੀ ਸਪਲਾਈ ਵਿੱਚ ਕੋਈ ਖਰਾਬੀ ਹੋਣ ਕਾਰਨ ਲੋਕਾਂ ਨੂੰ ਨਹਾਉਣ ਲਈ ਪਾਣੀ ਮਿਲਣਾ ਤਾਂ ਦੂਰ ਦੀ ਗੱਲ ਹੈ ਬਲਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਅਤੇ ਨਾ ਹੀ ਨਗਰ ਕੌਂਸਲ ਵੱਲੋਂ ਟੈਂਕਰਾਂ ਰਾਹੀਂ ਹੀ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ।ਉਹਨਾਂ ਕਿਹਾ ਕਿ ਜੇਕਰ ਇਹੋ ਹਾਲ ਰਿਹਾ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਜਲਦੀ ਬਹਾਲ ਨਾ ਕੀਤੀ ਗਈ ਤਾਂ ਲੋਕਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਏਗਾ। ਇਸ ਮੌਕੇ ਤੇ ਮੌਜੂਦ ਮਹਿਲਾਵਾਂ ਨੇ ਕਿਹਾ ਕਿ ਉਹਨਾਂ ਦੇ ਘਰਾਂ ਵਿਚਲੇ ਮਰਦ ਆਪੋ ਆਪਣੀਆਂ ਡਿਊਟੀਆਂ ਤੇ ਚਲੇ ਜਾਂਦੇ ਹਨ ਜਿਸ ਕਾਰਨ ਉਹਨਾਂ ਨੂੰ ਮਜਬੂਰਨ ਆਪਣੇ ਬੱਚਿਆਂ ਨੂੰ ਦੂਰ ਦੁਰਾਡੇ ਦੇ ਮੁਹੱਲਿਆਂ ਤੋਂ ਪਾਣੀ ਲਿਆਉਣ ਲਈ ਭੇਜਣਾ ਪੈ ਰਿਹਾ ਹੈ ।
ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਪਾਣੀ ਸਪਲਾਈ ਜਲਦ ਤੋਂ ਜਲਦ ਬਹਾਲ ਕਰਾਈ ਜਾਵੇ। ਕੀ ਕਹਿੰਦੇ ਹਨ ਅਧਿਕਾਰੀ ਇਸ ਸਬੰਧੀ ਜਦੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਜੇਈ ਸ੍ਰੀ ਪ੍ਰਦੀਪ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਮੱਸਿਆ ਲਗਭਗ ਦੂਰ ਕਰ ਦਿੱਤੀ ਗਈ ਹੈ ਅਤੇ ਪਾਣੀ ਦੀ ਸਪਲਾਈ ਲਗਭਗ ਬਹਾਲ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਮੀਦ ਹੈ ਅਗਲੇ ਦਿਨਾਂ ਵਿੱਚ ਪਾਣੀ ਦੀ ਸਪਲਾਈ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ । ਜੇਈ ਪ੍ਰਦੀਪ ਕੁਮਾਰ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਹੁਤ ਸਾਰੇ ਘਰਾਂ ਦੇ ਬਾਹਰ ਲੱਗੀਆਂ ਪਾਣੀ ਦੀਆਂ ਟੂਟੀਆਂ ਨੂੰ ਲੋਕ ਖੁੱਲੀਆਂ ਹੀ ਛੱਡ ਦਿੰਦੇ ਹਨ, ਜਿਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ ਅਤੇ ਪਾਣੀ ਦੀ ਸਮੱਸਿਆ ਪੈਦਾ ਹੁੰਦੀ ਹੈ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਗਰਮੀ ਦੇ ਮੌਸਮ ਵਿੱਚ ਟੂਟੀਆਂ ਖੁੱਲੀਆਂ ਛੱਡ ਕੇ ਪਾਣੀ ਦੀ ਬਰਬਾਦੀ ਨਾ ਕੀਤੀ ਜਾਵੇ।

0 Comments