ਮੋਰਿੰਡਾ, 24 ਮਈ, : ਨਜਦੀਕੀ ਪੈਂਦੇ ਪਿੰਡ ਬਹਿਲੋਲਪੁਰ ਦੇ ਪੁੱਲ ਕੋਲ ਨਹਿਰ ਵਾਲੇ ਪਾਸੇ ਇੱਕ ਜੀਪ ਦੇ ਪਲਟਣ ਕਾਰਨ 5 ਮੌਤਾਂ ਹੋ ਗਈਆਂ ਹਨ, ਜਿਨ੍ਹਾਂ ਵਿੱਚ 4 ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ, ਜਦੋਂ ਕਿ ਇਸ ਹਾਦਸੇ ਦੌਰਾਨ 12 ਵਿਅਕਤੀ ਜ਼ਖਮੀ ਹੋ ਗਏ ਹਨ। ਜ਼ਖਮੀ ਹੋਏ ਵਿਅਕਤੀਆਂ ਨੂੰ ਇੱਥੋ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਇਨ੍ਹਾਂ ਜ਼ਖਮੀਆਂ ਵਿਚੋਂ 5 ਜਾਣਿਆਂ ਨੂੰ ਸਰਕਾਰੀ ਹਸਪਤਾਲ ਰੂਪਨਗਰ ਅਤੇ 2 ਜਾਣਿਆਂ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ ।
ਪੁਲੀਸ ਚੌਕੀ ਬਹਿਲੋਲਪੁਰ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਉਕਤ ਜੀਪ ਵਿਚ ਸਵਾਰ 17 ਜਾਣੇ, ਜਿੰਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਪੁਰਸ਼ ਸ਼ਾਮਲ ਸਨ, ਡੇਰਾ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ, ਜਦੋਂ ਉਹ ਪਿੰਡ ਬਹਿਲੋਲਪੁਰ ਦੇ ਨਹਿਰ ਪੁੱਲ ਕੋਲ ਪਹੁੰਚੇ ਤਾਂ ਅਚਾਨਕ ਹੀ ਜੀਪ ਨਹਿਰ ਵਾਲੇ ਪਾਸੇ ਪਲਟ ਗਈ, ਜਿਸ ਕਾਰਨ ਮੌਕੇ ਤੇ ਹੀ 3 ਜਾਣਿਆਂ ਦੀ ਮੌਤ ਹੋ ਗਈ ਅਤੇ 2 ਔਰਤਾਂ ਨੂੰ ਇੱਥੋ ਦੇ ਸਰਕਾਰੀ ਹਸਪਤਾਲ ਵਿੱਚ ਲਿਆਉਣ ਸਮੇਂ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਮੌਕੇ ਤੇ ਮਰਨ ਵਾਲਿਆਂ ਵਿੱਚ ਹਰਸ਼ ਕੌਰ (15 ) ਪੁੱਤਰੀ ਚਮਕੀਲਾ ਸਿੰਘ ਪਿੰਡ ਦੋਰਾਹਾ , ਗਗਨਜੋਤ ਕੌਰ ( 15 ) ਪੁੱਤਰੀ ਦਿਲਬਾਗ ਸਿੰਘ ਪਿੰਡ ਫਲੌਂਡ ਅਤੇ ਸੁਖਪ੍ਰੀਤ ਸਿੰਘ ( 7 ) ਪੁੱਤਰ ਰਮਨ ਸਿੰਘ ਪਿੰਡ ਡਾਂਗੋਂ ਸ਼ਾਮਲ ਹਨ ਪਰ ਸੁਖਪ੍ਰੀਤ ਸਿੰਘ ਦੀ ਲਾਸ਼ ਨਹਿਰ ਦੇ ਪਾਣੀ ਵਿਚ ਰੁੜ੍ਹ ਗਈ ਹੈ, ਜਿਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ , ਜਦੋਂ ਕਿ ਮਹਿੰਦਰ ਕੌਰ ( 75 ) ਪਿੰਡ ਨਿਜ਼ਾਮਪੁਰ ਅਤੇ ਕਰਮਜੀਤ ਕੌਰ ( 50 ) ਪਿੰਡ ਸਿਹੋੜਾ ਜੋ ਕਿ ਮਾਂ ਤੇ ਧੀ ਸਨ , ਦੀ ਇੱਥੇ ਹਸਪਤਾਲ ਲਿਆਂਦੇ ਸਮੇਂ ਮੌਤ ਹੋ ਗਈ ।ਇਸ ਹਾਦਸੇ ਵਿਚ 12 ਜਾਣੇ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇੱਥੋ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ । ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਗੋਬਿੰਦ ਟੰਡਨ ਨੇ ਦੱਸਿਆ ਕਿ ਹਸਪਤਾਲ ਵਿੱਚ 2 ਔਰਤਾਂ ਸਮੇਤ 12 ਜ਼ਖਮੀਆਂ ਨੂੰ ਲਿਆਂਦਾ ਗਿਆ ਸੀ , ਇਨ੍ਹਾਂ ਵਿੱਚੋਂ ਉਕਤ ਔਰਤਾਂ ਦੀ ਮੌਤ ਹੋ ਚੁੱਕੀ ਸੀ ।
ਉਨ੍ਹਾਂ ਦੱਸਿਆ ਕਿ ਜ਼ਖਮੀਆਂ ਵਿਚੋਂ ਪ੍ਰਿਤਪਾਲ ਕੌਰ ( 30 ) ਪਿੰਡ ਸਿਹੋੜਾ ਅਤੇ ਗਿਆਨ ਕੌਰ ( 70 ) ਪਿੰਡ ਨਿਜ਼ਾਮਪੁਰ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ । ਇਨ੍ਹਾਂ ਤੋਂ ਇਲਾਵਾ ਬਲਜਿੰਦਰ ਸਿੰਘ ( 56 ) ਪਿੰਡ ਸਿਹੋੜਾ, ਮਨਪ੍ਰੀਤ ਕੌਰ ( 22 ) ਪਿੰਡ ਡਾਂਗੋਂ, ਜੀਵਨ ਸਿੰਘ ( 21 ) ਪਿੰਡ ਸਿਹੋੜਾ, ਰੂਪ ਸਿੰਘ ( 47 ) ਪਿੰਡ ਸਿਹੋੋੜਾ ਅਤੇ ਸਰੂਪ ਸਿੰਘ ( 70 ) ਪਿੰਡ ਚੀਮਾਂ ਨੂੰ ਜ਼ਖਮੀ ਹੋਣ ਕਰਕੇ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ ਗਿਆ ਹੈ ਜਦੋਂ ਕਿ ਪ੍ਰਵੀਨ ਕੌਰ ( 27 ) ਪਿੰਡ ਨਿਜ਼ਾਮਪੁਰ, ਸੰਦੀਪ ਕੌਰ ( 33 ) ਪਿੰਡ ਨਿਜ਼ਾਮਪੁਰ, ਅਨਮੋਲਪ੍ਰੀਤ ਕੌਰ ( 7 ) ਪਿੰਡ ਸਿਹੋਡਾ , ਗੁਰਦੀਪ ਸਿੰਘ ( 43 ) ਪਿੰਡ ਨਿਜ਼ਾਮਪੁਰ ਅਤੇ ਸੁਖਵੀਰ ਕੌਰ ( 39 ) ਪਿੰਡ ਸਿਹੋੜਾ, ਸਰਕਾਰੀ ਹਸਪਤਾਲ ਚਮਕੌਰ ਸਾਹਿਬ ਵਿਖੇ ਹੀ ਇਲਾਜ ਅਧੀਨ ਹਨ, ਕਿਉਂਕਿ ਇਨ੍ਹਾਂ ਦੇ ਮਾਮੂਲੀ ਹੀ ਸੱਟਾਂ ਲੱਗੀਆਂ ਹਨ । ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਡਾ ਮਨੂ ਵਿੱਜ ਨੇ ਹਸਪਤਾਲ ਪਹੁੰਚ ਕੇ ਉਕਤ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਹਦਾਇਤ ਕੀਤੀ ਕਿ ਇਨ੍ਹਾਂ ਮਰੀਜ਼ਾਂ ਦਾ ਸਹੀ ਤਰ੍ਹਾਂ ਪਹਿਲ ਦੇ ਅਧਾਰ ਤੇ ਇਲਾਜ ਕੀਤਾ ਜਾਵੇ । ਪੁਲੀਸ ਵਲੋਂ ਇਸ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

0 Comments