ਚੰਡੀਗੜ੍ਹ: 19 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਦੋ ਦਿਨਾਂ ਵਿੱਚ ਸਾਰੇ ਮਸਲੇ ਹੱਲ ਕਰੇਗੀ ਤੇ ਮੰਡੀਆਂ ‘ਚ ਝੋਨੇ ਦੀ ਖ੍ਰੀਦ ਬਾਰੇ ਕੋਈ ਦਿੱਕਤ ਨਹੀਂ ਆਵੇਗੀ।
32 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਅੱਜ ਪੰਜਾਬ ਭਵਨ ਚੰਡੀਗੜ੍ਹ ਵਿੱਚ ਮੁੱਖ ਮੰਤਰੀ ,ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ , ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ,ਅਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਹੋਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਜੋ ਵੀ ਮੁਸ਼ਕਲ ਖੜੀ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਮੀਟਿੰਗ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਦਾ ਦਾਣਾ ਦਾਣਾ ਚੁੱਕਿਆ ਜਾਵੇਗਾ। ਕੇਂਦਰ ਸਰਕਾਰ ਲਿਫਟਿੰਗ ਕਰ ਰਹੀ ਹੈ ਅਤੇ ਕਾਫੀ ਥਾਂ ਖਾਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਆੜਤੀਆਂ ਦੀ ਜਾਂ ਸੈਲਰ ਮਾਲਕਾਂ ਦੀ ਕੋਈ ਸਮੱਸਿਆ ਖੜੀ ਕਰੇਗਾ ਉਸ ਨਾਲ ਸਖਤੀ ਨਾਲ ਨਿਪਟਾਂਗੇ। ਸਰਕਾਰ ਕਿਸਾਨਾਂ ਨਾਲ ਡਟ ਕੇ ਖੜੀ ਹੈ। ਉ੍ਨ੍ਹਾਂ ਕਿਹਾ ਕਿ ਮੀਟਿੰਗ ਵਧੀਆ ਮਾਹੌਲ ਵਿੱਚ ਹੋਈ ਤੇ ਕਿਸਾਨਾਂ ਨੇ ਵਧੀਆ ਸੁਝਾਅ ਦਿੱਤੇ ਅਤੇ ਸਰਕਾਰ ਹੁਣ ਦੋ ਦਿਨਾਂ ਵਿੱਚ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਵੇਗੀ।
ਉੱਧਰ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਦੋ ਦਿਨ ‘ਚ ਮਸਲਾ ਹੱਲ ਕਰਨ ਦਾ ਸਮਾਂ ਮੰਗਿਆ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ 4 ਦਿਨ ਦੇ ਦਿੱਤੇ ਹਨ। ਜੇ ਚਾਰ ਦਿਨ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਯੋਜਨਾਬੱਧ ਢੰਗ ਨਾਲ ਕਾਰਵਾਈ ਕੀਤੀ ਜਾਵੇਗੀ।

0 Comments