ਚੰਡੀਗੜ੍ਹ, 7 ਜੂਨ, : ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਪਾਰਟੀ ਦਾ ਅੰਦਰੂਨੀ ਕਲੇਸ਼ ਹੁਣ ਸਾਹਮਣੇ ਆਉਣ ਲੱਗਾ ਹੈ। ਲੁਧਿਆਣਾ ਦੇ ਦਾਖਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅਕਾਲੀ ਦਲ ਦੀ ਹਾਰ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਰਾਹੀਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੁਖਬੀਰ ਬਾਦਲ 'ਤੇ ਵੀ ਨਿਸ਼ਾਨਾ ਸਾਧਿਆ ਹੈ।
ਮਨਪ੍ਰੀਤ ਸਿੰਘ ਇਯਾਲੀ ਨੇ ਲਿਖਿਆ ਕਿ ਮੈਂ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਪੰਥਕ ਅਤੇ ਸਿਰਮੌਰ ਦਲ ਹੈ, ਜਿਸ ਦਾ ਬਹੁਤ ਵਧੀਆ ਇਤਿਹਾਸ ਰਿਹਾ ਹੈ, ਪਰ ਪਿਛਲੇ ਸਮੇਂ ਦੌਰਾਨ ਪਾਰਟੀ ਆਗੂਆਂ ਵੱਲੋਂ ਲਏ ਗਏ ਫੈਸਲਿਆਂ ਕਾਰਨ ਅਕਾਲੀ ਦਲ ਵਿੱਚ ਵੱਡੀ ਵਿਚਾਰਧਾਰਕ ਗਿਰਾਵਟ ਆਈ ਹੈ।
ਇਯਾਲੀ ਨੇ ਲਿਖਿਆ ਕਿ ਅੱਜ ਪਾਰਟੀ ਨੂੰ ਕਿਸਾਨਾਂ ਅਤੇ ਪੰਥ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਵੱਡੇ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾ ਸਕੇ।

0 Comments