ਖਰੜ, 4 ਜੂਨ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਅਲਾਈਡ ਹੈਲਥ ਸਾਇੰਸਿਜ਼ ਵੱਲੋਂ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ ਗਿਆ। ਇਸ ਵਿਸ਼ਵ ਤੰਬਾਕੂ ਰਹਿਤ ਦਿਵਸ 2024 ਦੀ ਥੀਮ ‘ਬੱਚਿਆਂ ਨੂੰ ਤੰਬਾਕੂ ਉਦਯੋਗ ਦੀ ਦਖਲਅੰਦਾਜ਼ੀ ਤੋਂ ਬਚਾਉਣਾ’ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕੀਤੀ ਜਾ ਸਕੇ ਅਤੇ ਤੰਬਾਕੂ ਦੀ ਵਰਤੋਂ ਲਗਾਤਾਰ ਘਟਣ ਨੂੰ ਵੀ ਯਕੀਨੀ ਬਣਾਇਆ ਜਾ ਸਕੇ ।
ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ: ਅਮਿਤ ਅਗਰਵਾਲ, ਐਸੋਸੀਏਟ ਪ੍ਰੋਫੈਸਰ, ਏ.ਆਈ.ਐਮ.ਐਸ., ਮੋਹਾਲੀ ਨੇ ‘ਤੰਬਾਕੂ ਅਤੇ ਇਸ ਨਾਲ ਸਬੰਧਤ ਉਤਪਾਦਾਂ ਦੇ ਮਾੜੇ ਪ੍ਰਭਾਵਾਂ’ ਬਾਰੇ ਇੱਕ ਗਿਆਨ ਭਰਪੂਰ ਮਾਹਿਰ ਭਾਸ਼ਣ ਦਿੱਤਾ।
ਡਾ: ਪੰਕਜ ਕੌਲ, ਡੀਨ, ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼, ਨੇ ‘ਸਿਗਰਟਨੋਸ਼ੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਨੂੰ ਛੱਡਣ ਦੇ ਤਰੀਕੇ’ ਤੇ ਗੱਲ ਕੀਤੀ।
ਸਮਾਗਮ ਦੌਰਾਨ ਦੋਵੇਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਤੰਬਾਕੂ ਵਿਰੋਧੀ ਨਾਅਰਿਆਂ ਵਾਲੀਆਂ ਤਖ਼ਤੀਆਂ ਲੈ ਕੇ ਰੈਲੀ ਵੀ ਕੱਢੀ ਗਈ। ਡੈਂਟਲ ਕਾਲਜ ਅਤੇ ਹਸਪਤਾਲ ਦੇ ਪਿ੍ੰਸੀਪਲ ਡਾ ਅਕਸ਼ੈ ਸ਼ਰਮਾ ਨੇ ਰਿਆਤ ਬਾਹਰਾ, ਡੈਂਟਲ ਕਾਲਜ ਅਤੇ ਹਸਪਤਾਲ ਅਤੇ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼ ਦੇ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਸਮਾਗਮ ਦੀ ਸਮਾਪਤੀ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਐਚਓਡੀ ਡਾ ਦੀਪਤੀ ਭਟਨਾਗਰ ਦੁਆਰਾ ਧੰਨਵਾਦ ਨਾਲ ਹੋਈ। ਇਸ ਮੌਕੇ ਡੀਨ ਡਾ: ਲਲਿਤ ਕੁਮਾਰ ਗੁਪਤਾ ਅਤੇ ਡੀਨ ਅਕਾਦਮਿਕ ਮਾਮਲੇ ਡਾ: ਨੀਨਾ ਮਹਿਤਾ ਵੀ ਹਾਜ਼ਰ ਸਨ।
ਤੰਬਾਕੂ ਦੀ ਵਰਤੋਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬੀ.ਡੀ.ਐਸ. ਦੇ ਵਿਦਿਆਰਥੀਆਂ ਅਤੇ ਇੰਟਰਨਜ਼ ਲਈ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਸਮਾਗਮ ਦੇ ਆਯੋਜਨ ਵਿੱਚ ਰਿਆਤ ਬਾਹਰਾ, ਡੈਂਟਲ ਕਾਲਜ ਅਤੇ ਹਸਪਤਾਲ ਅਤੇ ਯੂਨੀਵਰਸਿਟੀ ਸਕੂਲ ਆਫ਼ ਅਲਾਇਡ ਹੈਲਥ ਸਾਇੰਸਜ਼ ਦੇ ਉੱਦਮ ਦੀ ਸ਼ਲਾਘਾ ਕੀਤੀ।

0 Comments