ਜਸਪਾਲ ਸਿੰਘ ਜਿਲਾ ਪ੍ਰਧਾਨ, ਰਾਜਬੀਰ ਸਿੰਘ ਜਨਰਲ ਸਕੱਤਰ ਅਤੇ ਗੁਰਮੀਤ ਸਿੰਘ ਸਰਪੰਚ ਚਮਿਆਰਾ ਖਜ਼ਾਨਚੀ ਚੁਣੇ ਗਏ
ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ਤੇਜ: ਮਨਜੀਤ ਸਿੰਘ ਧਨੇਰ
ਜਲੰਧਰ, 13 ਜੂਨ, : ਅੱਜ ਪੰਜਾਬ ਦੀ ਸਿਰਕੱਢ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਜ਼ਿਲਾ ਜਲੰਧਰ ਦੇ ਕਿਸਾਨਾਂ ਦਾ ਇਕੱਠ ਹੋਇਆ। ਇਸ ਵਿੱਚ ਸੂਬਾ ਪ੍ਰਧਾਨ ਨੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੌਜੂਦਾ ਹਾਲਾਤ ਤੇ ਚਾਨਣਾ ਪਾਉਂਦਿਆਂ ਹਰ ਤਰ੍ਹਾਂ ਦੀ ਨਾਇਨਸਾਫੀ ਅਤੇ ਹੋਰ ਕੁਰੀਤੀਆਂ ਖਿਲਾਫ ਲੜਨ ਲਈ ਕਿਸਾਨਾਂ ਮਜ਼ਦੂਰਾਂ ਦੀ ਇੱਕਜੁੱਟ ਤਾਕਤ ਦੀ ਮਹੱਤਤਾ ਬਾਰੇ ਦੱਸਿਆ।
ਇਕੱਠੇ ਹੋਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਤੋਂ ਪ੍ਰਭਾਵਿਤ ਹੋ ਕੇ ਜਥੇਬੰਦੀ ਦਾ ਸਾਥ ਦੇਣ ਦਾ ਵਾਅਦਾ ਕੀਤਾ ਅਤੇ ਜ਼ਿਲੇ ਵਿੱਚ ਜਥੇਬੰਦੀ ਨੂੰ ਮਜਬੂਤ ਕਰਨ ਅਤੇ ਕਿਸਾਨਾਂ ਨੂੰ ਜਥੇਬੰਦ ਕਰਨ ਲਈ ਐਡਹਾਕ ਜ਼ਿਲਾ ਕਮੇਟੀ ਦੀ ਗਠਨ ਕੀਤਾ ਗਿਆ। ਇਸ ਵਿੱਚ ਜਸਪਾਲ ਸਿੰਘ ਨੂੰ ਜਿਲਾ ਪ੍ਰਧਾਨ , ਰਾਜਬੀਰ ਸਿੰਘ ਨੂੰ ਜਨਰਲ ਸਕੱਤਰ, ਗੁਰਮੀਤ ਸਿੰਘ ਸਰਪੰਚ ਚਮਿਆਰਾ ਨੂੰ ਖਜ਼ਾਨਚੀ ਅਤੇ ਰਾਕੇਸ਼ ਕੁਮਾਰ ਨੂੰ ਮੈਂਬਰ ਚੁਣਿਆ ਗਿਆ।
ਚੁਣੀ ਗਈ ਨਵੀਂ ਜ਼ਿਲ੍ਹਾ ਕਮੇਟੀ ਨੇ ਜਥੇਬੰਦੀ ਦੇ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਦਾ ਤਹੱਈਆ ਕੀਤਾ। ਇਕੱਠ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਤੁਰੰਤ ਰਿਹਾਅ ਕਰਨ, ਕੁੱਲਰੀਆਂ ਦੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਬਹਾਲ ਕਰਨ, ਸਰਪੰਚ ਰਾਜਵੀਰ ਸਿੰਘ ਨੂੰ ਗਿਰਫ਼ਤਾਰ ਕਰ ਕੇ ਕਿਸਾਨਾਂ ਦੇ ਘਰੀਂ ਛਾਪੇਮਾਰੀ ਬੰਦ ਕਰਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ, ਭੂੰਦੜੀ ਅਤੇ ਭੰਗਾਲੀ ਰਾਜਪੂਤਾਂ ਵਗੈਰਾ ਪਿੰਡਾਂ ਵਿੱਚ ਲੱਗ ਰਹੀਆਂ ਪ੍ਰਦੂਸ਼ਣ ਫਲਾਉਣ ਵਾਲੀਆਂ ਗੈਸ ਫੈਕਟਰੀਆਂ ਬੰਦ ਕਰਨ ਦੀ ਮੰਗ ਕੀਤੀ।

0 Comments