ਜਮਹੂਰੀ ਅਧਿਕਾਰ ਸਭਾ ਵੱਲੋਂ ਪਾਰਲੀਮਾਨੀ ਪਾਰਟੀਆਂ ਲਈ ਸਵਾਲਨਾਮਾ ਰਿਲੀਜ਼

 ਬਠਿੰਡਾ: 27 ਮਈ, : ਵੋਟਾਂ ਮੰਗਦੀਆਂ ਸਾਰੀਆਂ ਪਾਰਲੀਮਾਨੀ ਪਾਰਟੀਆਂ ਵਾਸਤੇ ਤਿਆਰ ਕੀਤਾ ਸਵਾਲਨਾਮਾ ਮਿਤੀ 26 ਮਈ ਨੂੰ ਜਮਹੂਰੀ ਅਧਿਕਾਰ ਸਭਾ ਵੱਲੋਂ ਬਠਿੰਡਾ ਵਿਖੇ ਰਿਲੀਜ਼ ਕੀਤਾ ਗਿਆ l ਇਸ ਤੋਂ ਪਹਿਲਾਂ ਜਿਲ੍ਹਾ ਕਾਰਜਕਾਰਨੀ ਇਕਾਈ ਬਠਿੰਡਾ ਦੀ ਇੱਕ ਭਰਵੀਂ ਮੀਟਿੰਗ ਵਿੱਚ ਸਾਰੇ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਇਸ ਤੇ ਖੁੱਲਾ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਨੂੰ ਲੋਕਾਂ ਵਿੱਚ ਲੈ ਕੇ ਜਾਣ ਅਤੇ ਸਵਾਲ ਖੜੇ ਕਰਨ ਦਾ ਫੈਸਲਾ ਕੀਤਾ ਗਿਆ l


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਤੇ ਲੋਕ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ਅਤੇ ਫਿਰਕੂ ਫਾਸ਼ਵਾਦੀ ਕਦਮਾਂ ਨਾਲ ਮਨੁੱਖੀ ਅਤੇ ਜਮਹੂਰੀ ਹੱਕਾਂ ਤੇ ਕੀਤੇ ਜਾ ਰਹੇ ਹਮਲਿਆਂ ਨਾਲ ਹੋਏ ਭਾਰੀ ਨੁਕਸਾਨ ਦਾ ਜਵਾਬ ਮੰਗਣਾ ਲੋਕਾਂ ਦਾ ਜਮਹੂਰੀ ਤੇ ਸੰਵਿਧਾਨਿਕ ਹੱਕ ਹੈ l 

ਸਭਾ ਵੱਲੋਂ ਜੋ ਸਵਾਲਨਾਮਾ ਜਾਰੀ ਕੀਤਾ ਗਿਆ ਹੈ ਉਹ ਕਿਸੇ ਇੱਕਲੀ ਇਕਹਿਰੀ ਪਾਰਟੀ ਦੇ ਵਾਸਤੇ ਨਹੀਂ ਹੈ ਬਲਕਿ ਇਹ ਸਾਰੀਆਂ ਉਹਨਾਂ ਪਾਰਟੀਆਂ ਲਈ ਹੈ ਜੋ ਚੋਣਾਂ ਲੜ ਰਹੀਆਂ ਹਨ ਤੇ ਲੋਕਾਂ ਤੋਂ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਮੰਗ ਕਰ ਰਹੀਆਂ ਹਨ l ਉਹਨਾਂ ਕਿਹਾ ਕਿ ਸੰਵਿਧਾਨ ਦੇ ਨੀਤੀ ਨਿਰਦੇਸ਼ਾਂ ਮੁਤਾਬਿਕ ਸਰਕਾਰ ਨੇ ਸਮਾਜ ਅੰਦਰ ਨਾਮ ਬਰਾਬਰੀ ਘਟਾਉਣ ਵਾਲੀਆਂ ਨੀਤੀਆਂ ਲਾਗੂ ਕਰ ਰਹੀਆਂ ਹਨ। 

ਪਰ ਸਾਰੇ ਰੰਗ ਦੀਆਂ ਸਰਕਾਰਾਂ ਦੇ ਕਾਰਜਕਾਲ ਸਮੇਂ ਖਾਸ ਕਰਕੇ 1991 ਦੀਆਂ ਨਵੀਆਂ ਆਰਥਿਕ ਨੀਤੀਆਂ ਨਾਲ ਇਹ ਨਾਬਰਾਬਰੀ ਹੋਰ ਵਧੀ ਹੈ। ਸੰਵਿਧਾਨਿਕ ਸੰਸਥਾਵਾਂ ਤੇ ਯੂਨੀਵਰਸਿਟੀਆਂ ਦਾ ਫਿਰਕੂਕਰਨ ਕਰ ਦਿੱਤਾ ਗਿਆ ਹੈ,ਕਿਰਤੀਆਂ ਦੀ ਹੱਕ ਖੋਹਣ ਦੇ ਕਿਰਤ ਕੋਡ ਲਾਗੂ ਕੀਤੇ ਗਏ ਹਨ l ਮਨਰੇਗਾ ਦਾ ਬਜਟ ਘਟਾਇਆ ਗਿਆ ਹੈ l ਕਿਸਾਨ ਅੰਦੋਲਨ ਕਾਰਨ ਭਾਵੇਂ ਖੇਤੀ ਸੈਕਟਰ ਵਿੱਚ ਲਿਆਂਦੇ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਸਨ ਪਰ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਬਾਕੀ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ l 

ਸਿਹਤ,ਵਿਦਿਆ,ਜਨ ਸਿਹਤ ਤੇ ਪਬਲਿਕ ਅਦਾਰਿਆਂ ਦਾ ਨਿਜੀਕਰਨ ਕਰਕੇ ਸਿਹਤ,ਸਿਖਿਆ ਅਤੇ ਪੱਕਾ ਰੁਜ਼ਗਾਰ ਖੋਹਿਆ ਗਿਆ ਹੈ l 15 ਕਰੋੜ ਨੌਕਰੀਆਂ ਦੇ ਝੂਠੇ ਵਾਅਦੇ ਕੀਤੇ ਗਏ,ਪੱਤਰਕਾਰਾਂ,ਬੁੱਧੀਜੀਵੀਆਂ ਤੇ ਕਾਲੇ ਕਾਨੂੰਨ ਮੜਕੇ ਉਹਨਾਂ ਨੂੰ ਸਾਲਾਂਬਧੀ ਬਿਨਾਂ ਮੁਕਦਮਾ ਚਲਾਏ ਜੇਲ੍ਹਾਂ ਵਿੱਚ ਸੁੱਟਿਆ ਗਿਆ l 

ਸਭਾ ਨੇ ਲੋਕਾਂ ਦੇ ਬੁਨਿਆਦੀ ਮਸਲਿਆਂ ਨਾਲ ਸਰੋਕਾਰ ਰੱਖਣ ਵਾਲੇ ਬੁੱਧੀਜੀਵੀਆਂ, ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਭਾ ਦੇ ਸਵਾਲਨਾਮੇ ਨੂੰ ਸਾਹਮਣੇ ਰੱਖਦੇ ਹੋਏ ਪਾਰਲੀਮੈਂਟਰੀ ਚੋਣਾਂ ਦੌਰਾਨ ਇਹਨਾਂ ਪਾਰਟੀਆਂ ਦੀ ਕਾਰਗੁਜ਼ਾਰੀ ਸਬੰਧੀ ਕੀਤੇ ਵਾਅਦਿਆਂ ਬਾਰੇ ਵੋਟਾਂ ਲਈ ਆ ਰਹੇ ਉਮੀਦਵਾਰਾਂ ਤੋਂ ਜਵਾਬਦੇਹੀ ਮੰਗਣ ਅਤੇ ਇਹਨਾਂ ਦੇ ਅਸਲੀ ਖਾਸੇ ਬਾਰੇ ਆਪਣੀ ਸਮਝ ਨੂੰ ਹੋਰ ਪੱਕਾ ਕਰਦੇ ਹੋਏ ਆਪਣੇ ਬੁਨਿਆਦੀ ਮਸਲਿਆਂ ਦਾ ਹੱਲ ਤਲਾਸ਼ਣ ਦੇ ਰਾਹ ਬਾਰੇ ਜਾਗਰੂਕ ਹੋਣ l

Post a Comment

0 Comments