ਮੋਹਾਲੀ, 29 ਅਪ੍ਰੈਲ : ਜ਼ਿਲ੍ਹਾ ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਵੱਧ ਤੋਂ ਵੱਧ ਨਿੱਜੀ ਹਸਪਤਾਲਾਂ ਨੂੰ ‘ਫ਼ਰਿਸ਼ਤੇ’ ਯੋਜਨਾ ਤਹਿਤ ਰਜਿਸਟਰੇਸ਼ਨ ਕਰਾਉਣ ਦੀ ਅਪੀਲ ਕੀਤੀ ਹੈ। ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ ਨੇ ਦਸਿਆ ਕਿ ‘ਫ਼ਰਿਸ਼ਤੇ’ ਯੋਜਨਾ ਦਾ ਮੰਤਵ ਸੜਕ ਹਾਦਸਾ ਪੀੜਤਾਂ ਦਾ ਨੇੜਲੇ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਸਮੇਂ ਸਿਰ ਮਿਆਰੀ ਇਲਾਜ ਯਕੀਨੀ ਬਣਾਉਣਾ ਹੈ। ਇਸ ਯੋਜਨਾ ਤਹਿਤ ਸੜਕ ਹਾਦਸਾ ਪੀੜਤ ਦਾ ਸੂਚੀਬੱਧ ਹਸਪਤਾਲ ਵਿਚ ਮੁਫ਼ਤ ਇਲਾਜ ਹੁੰਦਾ ਹੈ। ਇਸ ਤੋਂ ਇਲਾਵਾ, ਸੜਕ ਹਾਦਸਾ ਪੀੜਤ ਨੂੰ ਨੇੜਲੇ ਸੂਚੀਬੱਧ ਹਸਪਤਾਲ ਵਿਚ ਲਿਜਾਣ ਵਾਲੇ ਰਾਹਗੀਰ ਜਾਂ ਮਦਦਗਾਰ ਨੂੰ 2000 ਰੁਪਏ ਦੀ ਸਨਮਾਨ ਰਾਸ਼ੀ ਦਿਤੀ ਜਾਂਦੀ ਹੈ ਅਤੇ ਨਾਲ ਹੀ ਪ੍ਰਸ਼ੰਸਾ ਪੱਤਰ ਵੀ ਮਿਲਦਾ ਹੈ।
ਸਿਹਤ ਅਧਿਕਾਰੀਆਂ ਨੇ ਆਖਿਆ ਕਿ ਲੋਕ ਭਲਾਈ ਦੇ ਇਸ ਵੱਡੇ ਕਾਰਜ ਵਿਚ ਪ੍ਰਾਈਵੇਟ ਹਸਪਤਾਲ ਵੱਧ ਤੋਂ ਵੱਧ ਯੋਗਦਾਨ ਪਾਉਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸੜਕ ਹਾਦਸਾ ਪੀੜਤ ਨੂੰ ਸਮੇਂ ਸਿਰ ਨੇੜਲੇ ਹਸਪਤਾਲ ਵਿਚ ਪਹੁੰਚਾਉਣ ਤਾਕਿ ਉਸ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸੜਕ ਹਾਦਸਾ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਇਸ ਯੋਜਨਾ ਦਾ ਮੁੱਖ ਮੰਤਵ ਹੈ। ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ‘ਗੋਲਡਨ ਆਵਰ’ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਹ ਹਾਦਸੇ ਤੋਂ ਬਾਅਦ ਪਹਿਲਾ ਅਹਿਮ ਘੰਟਾ ਹੁੰਦਾ ਹੈ , ਜਿਸ ਦੌਰਾਨ ਜੇ ਕਿਸੇ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਬਣਦੀ ਦੇਖਭਾਲ ਮਿਲ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਇਸ ਯੋਜਨਾ ਤਹਿਤ 7 ਸਰਕਾਰੀ ਤੇ 14 ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ, ਜਿਥੇ ਮੁਫ਼ਤ ਇਲਾਜ ਲਈ ਸੜਕ ਹਾਦਸਾ ਪੀੜਤਾਂ ਨੂੰ ਲਿਜਾਇਆ ਜਾ ਸਕਦਾ ਹੈ। ਇਨ੍ਹਾਂ ਹਸਪਤਾਲਾਂ ਦੁਆਰਾ ਹੀ ਹਾਦਸਾ ਪੀੜਤ ਦੇ ਮਦਦਗਾਰ ਨੂੰ ਸਨਮਾਨ ਰਾਸ਼ੀ ਜਾਵੇਗੀ। ਇਨ੍ਹਾਂ ਸੂਚੀਬੱਧ ਸਰਕਾਰੀ ਹਸਪਤਾਲਾਂ ’ਚ ਮੋਹਾਲੀ, ਖਰੜ, ਡੇਰਾਬੱਸੀ, ਕੁਰਾਲੀ, ਬਨੂੜ, ਢਕੋਲੀ, ਘੜੂੰਆਂ ਦੇ ਹਸਪਤਾਲ ਸ਼ਾਮਲ ਹਨ ਜਦਕਿ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਫ਼ੋਰਟਿਸ ਮੋਹਾਲੀ, ਅਮਰ ਹਸਪਤਾਲ ਮੋਹਾਲੀ ਹੈਲਥਸ਼ੋਅਰ ਮਲਟੀਸਪੈਸ਼ਲਟੀ ਹਸਪਤਾਲ ਘੜੂੰਆਂ, ਚੌਧਰੀ ਹਸਪਤਾਲ ਕੁਰਾਲੀ, ਗਰੇਸ਼ੀਅਨ ਹਸਪਤਾਲ ਮੋਹਾਲੀ, ਸੁਖਮਨੀ ਮਲਟੀਸਪੈਸ਼ਲਟੀ ਜ਼ੀਰਕਪੁਰ, ਮੇਹਰ ਹਸਪਤਾਲ ਜ਼ੀਰਕਪੁਰ, ਚੀਮਾ ਮੈਡੀਕਲ ਕੰਪਲੈਕਸ ਮੋਹਾਲੀ, ਇੰਡਸ ਹਸਪਤਾਲ ਡੇਰਾਬੱਸੀ ਅਤੇ ਮੋਹਾਲੀ, ਟਿ੍ਰਨੀਟੀ ਹਸਪਤਾਲ ਜ਼ੀਰਕਪੁਰ, ਸੋਹਾਣਾ ਹਸਪਤਾਲ, ਕੌਸ਼ਲ ਹਸਪਤਾਲ ਖਰੜ ਸ਼ਾਮਲ ਹਨ। ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰ. 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜੀਕਰਣ ਲਈ ਵੈਬਸਾਈਟ www.innobles.com ਹੈ।

0 Comments