ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 15 ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖਾਹਾਂ, ਕੀਤਾ ਰੋਸ ਪ੍ਰਦਰਸ਼ਨ

 ਪੰਜਾਬ ਸਰਕਾਰ ਤਨਖਾਹਾਂ ਦੇਣ 'ਚ ਹੋਈ ਫੇਲ੍ਹ, 'ਆਪ' ਦਾ ਵਿਰੋਧ ਕਰਨ ਦਿੱਤਾ ਸੱਦਾ


ਬਠਿੰਡਾ, 30 ਅਪ੍ਰੈਲ, : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇ 15 ਮਹੀਨੇ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਅੱਜ ਮਿੰਨੀ ਸਕੱਤਰੇਤ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਂਗਣਵਾੜੀ ਮੁਲਾਜ਼ਮਾਂ ਵਰਕਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਮਿਨੀ ਸਕੱਤਰੇਤ ਤੱਕ ਅੱਗੇ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਲੜੀ ਤਹਿਤ ਅੱਜ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ, ਖਜ਼ਾਨਚੀ ਰਣਜੀਤ ਕੌਰ ਅਤੇ ਪ੍ਰੈਸ ਸਕੱਤਰ ਪ੍ਰਤੀਭਾ ਸ਼ਰਮਾ ਨੇ ਬੋਲਦੇ ਹੋਏ ਕਿਹਾ ਕ ਪੰਜਾਬ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ, ਜਦੋਂ ਕਿ ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 15 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ।



ਆਗੂਆਂ ਨੇ ਕਿਹਾ ਕਿ ਪੰਜਾਬ ਵਾਸੀ ਮੁੱਖ ਮੰਤਰੀ ਭਗਵੰਤ ਮਾਣ ਵੱਲੋਂ ਚੋਣਾਂ ਦੇ ਮੱਦੇ ਨਜ਼ਰ ਕੀਤੇ ਜਾ ਰਹੇ ਦਾਵਿਆਂ ਅਤੇ ਵਾਅਦਿਆਂ ਤੋਂ ਗੁੰਮਰਾਹ ਨਾ ਹੋਣ। ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ਕਰਕੇ ਲੰਬੇ ਸਮੇਂ ਤੋਂ ਮਾਨਸਿਕ ਆਰਥਿਕ ਅਤੇ ਸਰੀਰਕ ਨੁਕਸਾਨ ਦਾ ਸਾਹਮਣਾ ਝੱਲ ਰਹੀਆਂ ਹਨ, ਪਰ ਸਰਕਾਰ ਦਾ ਕੋਈ ਧਿਆਨ ਨਹੀਂ, ਜਦੋਂ ਕਿ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੇ ਨੁਮਾਇੰਦਿਆਂ ਤੇ ਮੁੱਖ ਮੰਤਰੀ ਤੱਕ ਚਿੱਠੀਆਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਜਾ ਚੁੱਕੀ ਹੈ।


ਉਹਨਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਜਲਦ ਮਿਹਨਤਾਨਾ ਜਾਰੀ ਕਰਨ ਦਾ ਵਾਅਦਾ ਤਾਂ ਕੀਤਾ ਗਿਆ, ਪਰ ਹਾਲੇ ਤੱਕ ਖਾਤਿਆਂ ਵਿੱਚ ਪਿਛਲੇ 15 ਮਹੀਨਿਆਂ ਦੀ ਤਨਖਾਹ ਨਹੀਂ ਪਾਈ ਗਈ, ਜਿਸ ਕਰਕੇ ਉਹ ਰੋਸ ਪ੍ਰਦਰਸ਼ਨ ਲਈ ਮਜਬੂਰ ਹਨ। ਇਸ ਮੌਕੇ ਸਮੁੱਚੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਣੇ ਪ੍ਰੈਸ ਬਿਆਨ ਰਾਹੀਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਮਿਹਨਤਾਨਾ ਨਾ ਦਿੱਤਾ ਗਿਆ ਤਾਂ ਆਉਂਦੇ ਸਮੇਂ ਵਿੱਚ ਸਰਕਾਰ ਦੇ ਹਰ ਨੁਮਾਇੰਦੇ ਦਾ ਘਿਰਾਓ ਕੀਤਾ ਜਾਵੇਗਾ ਤੇ ਲੋਕ ਸਭਾ ਚੋਣਾਂ ਵਿੱਚ ਵੀ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਕੌਰ, ਕੁਲਵਿੰਦਰ ਕੌਰ, ਭੂਰੀ ਕੌਰ, ਮੱਖਣ ਕੌਰ ਬਲਾਕ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਆਂਗਣ ਵਾਲੀ ਵਰਕਰ ਅਤੇ ਹੈਲਪਰ ਹਾਜ਼ਰ ਸਨ।

Post a Comment

0 Comments